ਬਾਬੂ ਮੰਗੂ ਰਾਮ ਜਸਪਾਲ: ਆਦਿ ਧਰਮ ਦੀ ਮਸ਼ਾਲ -ਬਲਬੀਰ ਮਾਧੋਪੁਰੀ
ਪਰਿਵਾਰਿਕ ਪਿਛੋਕੜ ਤੇ ਸਮਾਜਿਕ ਸਥਿਤੀਆਂ
ਬਾਬੂ ਮੰਗੂ ਰਾਮ ਜਸਪਾਲ ਦਾ ਜਨਮ 13 ਜਨਵਰੀ 1928 ਨੂੰ ਸਿੱਧਵਾਂ (ਸਟੇਸ਼ਨ ਵਾਲਾ) ਪਿੰਡ, ਤਹਿਸੀਲ ਨਕੋਦਰ, ਜ਼ਿਲ•ਾ ਜਲੰਧਰ ਵਿਚ ਇਕ ਗਰੀਬ ਚਮਾਰ (ਆਦਿ ਧਰਮੀ) ਪਰਿਵਾਰ ਵਿਚ ਹੋਇਆ। ਉਨ•ਾਂ ਦੇ ਪਿਤਾ ਦਾ ਨਾਂ ਸ਼੍ਰੀ ਭੁੱਲਾ ਰਾਮ ਤੇ ਮਾਤਾ ਦਾ ਨਾਂ ਜਿਉਣੀ ਦੇਵੀ ਸੀ। ਵੀਹਵੀਂ ਸਦੀ ਦੇ ਉਨ•ਾਂ ਮੁਢਲੇ ਦਹਾਕਿਆਂ ਵਿਚ ਭਿੱਟ, ਛੂਤਛਾਤ ਤੇ ਜਾਤ-ਪਾਤ ਦਾ ਵਰਤਾਰਾ ਸਿਖਰਾਂ ਉਤੇ ਸੀ। ਅਛੂਤਾਂ ਲਈ ਮਾਨਵਵਾਦੀ ਸੁਰ-ਸਾਂਝਾਂ ਇਕ ਕਲਪਨਾ ਤੋਂ ਵੱਧ ਕੁਝ ਨਹੀਂ ਸੀ। ਬੇਗਾਰ ਦੀ ਪਰੰਪਰਾ ਪੂਰੇ ਜਲੌਅ ਉਤੇ ਸੀ। ਫਿਰ ਵੀ ਚਮਾਰਾਂ ਸਮੇਤ ਅਛੂਤਾਂ ਦੀਆਂ 3000 ਤੋਂ ਵੱਧ ਜਾਤੀਆਂ ਆਪਣੀ ਰੋਟੀ-ਰੋਜ਼ੀ ਲਈ ਸੰਘਰਸ਼ ਕਰ ਰਹੀਆਂ ਸਨ। ਹਿੰਦੂ ਵਰਣ-ਧਰਮ ਅਨੁਸਾਰ ਇਹ ਜਾਤੀਆਂ ਕਿਸੇ ਵਰਣ ਵਿਚ ਨਹੀਂ ਆਉਂਦੀਆਂ - ਯਾਨਿ ਵਰਣ-ਬਾਹਰੇ ਲੋਕ ਹਨ।
ਜਿਊਂਦੇ ਰਹਿਣ ਤੇ ਬੱਚਿਆਂ ਦੇ ਪਾਲਣ ਪੋਸ਼ਣ ਅਤੇ ਪੇਟ ਭਰਨ ਵਾਸਤੇ ਉਨ•ਾਂ ਦੀ ਮਾਤਾ ਨੂੰ ਬਿਰਾਦਰੀ ਦੀਆਂ ਕੁੜੀਆਂ-ਬੁੜ•ੀਆਂ ਵਾਂਗ ਜੱਟਾਂ-ਜ਼ਮੀਂਦਾਰਾਂ ਦੇ ਘਰੀਂ ਕਪਾਹ ਵੇਲਣ ਤੇ ਹੋਰ ਛੋਟੇ-ਛੋਟੇ ਕੰਮ ਕਰਨ ਜਾਣਾ ਪੈਂਦਾ। ਇਸ ਦੌਰਾਨ ਉਨ•ਾਂ ਨੂੰ ਗ਼ੈਰ-ਇਨਸਾਨੀ ਵਰਤਾਰਾ ਦੇਖਣਾ ਪੈਂਦਾ। ਮਿਸਾਲ ਦੇ ਤੌਰ ਤੇ ਜਦੋਂ ਉਹ ਆਪਣੀ ਵੱਡੀ ਭੈਣ ਨਾਲ ਆਪਣੇ ਛੋਟੇ ਭਰਾ ਨੂੰ ਆਪਣੀ ਮਾਤਾ ਕੋਲ ਦੁੱਧ ਚੁੰਘਾਉਣ ਲਿਜਾਂਦੇ। ਜੱਟੀਆਂ ਮੋਹਰਿਓਂ ਉਖੜੀ ਕੁਹਾੜੀ ਵਾਂਗ ਪੈਂਦੀਆਂ। ਇਕ ਵਾਰ ਤਾਂ ਉਨ•ਾਂ ਦੀ ਮਾਤਾ ਜਦੋਂ ਭਰਾ ਨੂੰ ਦੁੱਧ ਚੁੰਘਾਉਣ ਹੀ ਲੱਗੀ ਸੀ ਤਾਂ ਜੱਟੀ ਨੇ ਉਸ ਨੂੰ ਖੋਹ ਲਿਆ।
ਅਣਮਨੁੱਖੀ ਅਤਿਆਚਾਰ ਦੀ ਇਕ ਹੋਰ ਘਟਨਾ ਮੰਗੂ ਰਾਮ ਹੁਰਾਂ ਨਾਲ ਉਦੋਂ ਵਾਪਰੀ ਜਦੋਂ ਉਹ ਅਜੇ ਦੂਜੀ ਜਮਾਤ ਵਿਚ ਪੜ•ਦੇ ਸਨ। ਗੱਲ ਇਉਂ ਹੋਈ ਕਿ ਨਾਲ ਪੜ•ਦੇ ਬ੍ਰਾਹਮਣਾਂ ਦੇ ਇਕ ਮੁੰਡੇ ਦਾ ਬਸਤਾ ਉਨ•ਾਂ ਤੋਂ ਬੇਧਿਆਨੀ ਵਿਚ ਭਿੱਟਿਆ ਗਿਆ।
ਸ਼ਿਕਾਇਤ ਕਰਨ 'ਤੇ ਜਾਤ ਅਭਿਮਾਨੀ ਅਧਿਆਪਕ ਤੇ ਜਾਤ-ਵਰਣ ਉਤੇ ਸਖ਼ਤੀ ਨਾਲ ਪਹਿਰਾ ਦੇਣ ਵਾਲੇ ਮਾਸਟਰ ਨੇ ਉਨ•ਾਂ ਦੇ ਪਿੰਡੇ ਉਤੇ ਤੂਤ ਦੀ ਛਿਟੀ ਵਰ•ਾਈ। ਲਾਸ਼ਾਂ ਪੈ ਗਈਆਂ। ਬਲੂਰ ਦੀਆਂ ਲੇਰਾਂ ਦੀ ਕਿਸੇ ਨੂੰ ਪ੍ਰਵਾਹ ਨਹੀਂ ਸੀ। ਪਿੰਡੇ ਦੀਆਂ ਲਾਸ਼ਾਂ ਉਨ•ਾਂ ਦੇ ਮਨ-ਮਸਤਕ ਵਿਚ ਡੂੰਘੀਆਂ ਝਰੀਆਂ ਪਾ ਗਈਆਂ ਜੋ ਉਨ•ਾਂ ਤੋਂ ਬਗੈਰ ਕਿਸੇ ਨੂੰ ਦਿਖਾਈ ਨਾ ਦਿੰਦੀਆਂ। ਬਾਲ-ਮਨ ਵਲੂੰਧਰਿਆ ਰਹਿੰਦਾ, ਅੰਦਰੋ-ਅੰਦਰ ਟੁੱਟ-ਭੱਜ ਹੁੰਦੀ ਰਹਿੰਦੀ। ਸਮਾਜਿਕ ਉਥਲ-ਪੁਥਲ ਲਈ ਨਿਆਣੀ ਉਮਰੇ ਹੀ ਸਰੀਰ ਦੇ ਲਹੂ ਵਾਂਗ ਵਿਚਾਰਾਂ ਦਾ ਪ੍ਰਵਾਹ ਚੱਲਣ ਲੱਗ ਪਿਆ। ਅਜਿਹੇ ਵਿਚਾਰਾਂ ਦੀ ਲੜੀ ਵਿਚ ਇਕ ਹੋਰ ਕੜੀ ਜੁੜ ਗਈ ਜਦੋਂ ਸਹਿਜ ਹੀ ਬਾਲਕ ਮੰਗੂ ਰਾਮ ਨੇ ਪਿੰਡ ਦੇ ਇਕ ਜੱਟ ਦੇ ਖੇਤ ਵਿਚੋਂ ਮੂਲੀ ਪੁੱਟ ਲਈ ਸੀ। ਜ਼ਮੀਂਦਾਰ ਨੇ ਨਿਆਣ-ਮੱਤ ਦਾ ਖ਼ਿਆਲ ਨਾ ਰੱਖਦਿਆਂ ਉਨ•ਾਂ ਦੇ ਤਾਂਬੜ ਚਾੜ• ਦਿੱਤਾ। …ਤੇ ਫਿਰ ਜਦੋਂ ਬੀਰ ਪਿੰਡ ਦੇ ਖੂਹ ਵਿਚੋਂ ਤੇਹ ਦੀ ਮਜ਼ਬੂਰੀ ਵਿਚ ਪਾਣੀ ਪੀ ਲਿਆ ਤਾਂ ਉਨ•ਾਂ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਅਛੂਤਾਂ ਨਾਲ ਪਸ਼ੂਆਂ ਨਾਲੋਂ ਬਦਤਰ ਬਦਸਲੂਕੀ ਨੇ ਮੰਗੂ ਰਾਮ ਦੇ ਮਨ ਵਿਚ ਬਲਦੀ 'ਤੇ ਤੇਲ ਪਾਇਆ।
ਇਸੇ ਦੌਰਾਨ ਮੰਗੂ ਰਾਮ ਦੀ ਮਾਤਾ ਦਾ ਦੇਹਾਂਤ ਹੋ ਗਿਆ। ਚਾਰ ਭਰਾ ਤੇ ਦੋ ਭੈਣਾ ਅਜੇ ਛੋਟੇ-ਛੋਟੇ ਸਨ। ਨਿਆਣਿਆਂ ਨੂੰ ਦਾਦੀ ਨੇ ਪਾਲਿਆ। ਉਹ ਬਹੁਤ ਦਲੇਰ ਤੇ ਉਚੀ ਸੋਝੀ ਦੀ ਮਾਲਕ ਸੀ। ਉਹ ਆਪਣੇ ਪੋਤੇ ਨਾਲ ਅੰਤਾਂ ਦਾ ਲਾਡ-ਪਿਆਰ ਤੇ ਮੋਹ-ਤੇਹ ਕਰਦੀ। ਆਪਣੇ ਨਾਲ ਸੁਲਾਉਂਦੀ-ਬਾਤਾਂ ਸੁਣਾਉਂਦੀ। ਇਕ ਮਰਲੇ ਵਿਚ ਬਣੇ ਘਰ ਦੀ ਕੋਠੜੀ ਵਿਚ ਸਵੇਰੇ-ਸੁਵੱਖਤੇ ਅਰਜ਼ੋਈਆਂ ਕਰਦੀ-ਹੇ ਬਾਬਾ ਰਵਿਦਾਸ ਕਹਿੰਦੇ ਨੇ ਤੂੰ ਪੱਥਰ ਤਾਰ ਦਿੱਤੇ, ਅਸੀਂ ਤਾਂ ਬੰਦੇ ਹਾਂ, ਸਾਨੂੰ ਕਦੋਂ ਬੰਦਿਆਂ ਦਾ ਦਰਜਾ ਮਿਲੇਗਾ? ਹੌਲੀ-ਹੌਲੀ ਬੋਲਦੀ-ਜੇ ਪਰਮੇਸ਼ਰ ਮਰਦਾ ਨਹੀਂ ਤਾਂ ਫਿਰ ਮੇਰਾ ਪਤੀ ਪਰਮੇਸ਼ਰ ਮਰਿਆ ਨਹੀਂ-ਮੇਰੀ ਸ਼ਕਤੀ ਘਟੀ ਨਹੀਂ। ਮੈਨੂੰ ਹੋਰ ਸ਼ਕਤੀ ਦੇ। ਉਹ ਪੋਤੇ ਨੂੰ ਦਿਨ-ਰਾਤ ਥਾਪੜਾ ਦਿੰਦੀ ਕਿ ਉਹ ਦੇਸ਼ਾਂ ਦਾ ਰਾਜਾ ਬਣੇਗਾ। ਬਾਬੂ ਮੰਗੂ ਰਾਮ ਅਨੁਸਾਰ ਉਨ•ਾਂ ਨੂੰ ਦਾਦੀ ਦੀਆਂ ਸਵੇਰ ਦੀਆਂ ਅਰਦਾਸਾਂ ਤੋਂ ਪਤਾ ਲੱਗਾ ਸੀ ਕਿ ਗੁਰੂ ਰਵਿਦਾਸ ਕੌਣ ਹਨ? ਤੇ ਉਨ•ਾਂ ਨਾਲ ਸਾਡਾ ਕੀ ਨਾਤਾ ਹੈ। ਉਨ•ਾਂ ਨੂੰ ਆਪਣੇ ਦਾਦਾ ਦੀ ਮੌਤ ਦਾ ਦਾਦੀ ਨੇ 5-6 ਸਾਲ ਪਤਾ ਹੀ ਨਾ ਲੱਗਣ ਦਿੱਤਾ-ਕਹਿੰਦੀ ਰਾਤ ਨੂੰ ਨ•ੇਰੇ ਹੋਏ ਆਉਂਦੇ ਨੇ ਤੇ ਤੜਕੇ ਕੰਮ 'ਤੇ ਚਲੇ ਜਾਂਦੇ ਨੇ। ਇਕ ਦਿਨ ਅਚਾਨਕ ਅਰਦਾਸ ਕਰਦੀ ਨੂੰ ਸੁਣਨ 'ਤੇ ਇਸ ਰਹੱਸ ਦਾ ਪਤਾ ਲੱਗ ਗਿਆ। ਬਾਬੂ ਮੰਗੂ ਰਾਮ ਜਸਪਾਲ ਮੁਤਾਬਿਕ ਉਨ•ਾਂ ਦੀ ਦਾਦੀ ਨੇ ਬਾਬੂ ਮੰਗੂ ਰਾਮ ਦੇ 1928 ਵਿਚ ਭਾਸ਼ਨ ਸੁਣੇ ਹੋਏ ਸਨ ਜਦੋਂ ਪੰਜਾਬ ਵਿਚ ਅਛੂਤ ਲਹਿਰ ਆਪਣੀ ਪੂਰੀ ਚੜ•ਤ ਵਿਚ ਸੀ।
ਭਰ ਜੁਆਨੀ ਵਿਚ ਵੀ ਗੋਰੇ, ਸੁਹਣੇ-ਸੁਨੱਖੇ ਨਕਸ਼ਾਂ ਵਾਲੇ, ਦਰਮਿਆਨੇ ਕੱਦ ਦੇ ਟੌਹਰੀ ਕਿਸਮ ਦੇ ਬਾਬੂ ਮੰਗੂ ਰਾਮ ਦਾ ਛੂਤਛਾਤ ਦੇ ਵਰਤਾਰੇ ਨੇ ਪਿੱਛਾ ਨਾ ਛੱਡਿਆ। ਉਨ•ਾਂ ਸਾਹਮਣੇ ਉਹ ਘਟਨਾਵਾਂ ਵਾਪਰ ਜਾਂਦੀਆਂ ਜਿਨ•ਾਂ ਨੂੰ ਉਹ ਕਦੇ ਭੁੱਲ ਨਾ ਸਕੇ। ਜਦੋਂ ਉਨ•ਾਂ ਬੀ.ਏ. ਕਰ ਕੇ ਪੰਜਾਬ ਸਰਕਾਰ ਦੇ ਸਹਿਕਾਰਤਾ ਵਿਭਾਗ ਵਿਚ ਨੌਕਰੀ ਲਈ-ਉਥੇ ਉਨ•ਾਂ ਤੋਂ ਘੱਟ ਪੜਿ•ਆ ਕਲਰਕ ਗਲਤ-ਮਲਤ ਲਿਖ ਕੇ ਵੱਡੇ ਅਫ਼ਸਰ ਨੂੰ ਪੱਟੀ ਪੜ•ਾ ਦਿੰਦਾ। ਸਿੱਟੇ ਵਜੋਂ ਮੰਗੂ ਰਾਮ ਦੀ ਬੇਵਜਹ ਡਾਂਟ-ਡਪਟ ਹੁੰਦੀ। ਜਾਤ ਦੇ ਮਿਹਣੇ ਸੁਣਨੇ ਪੈਂਦੇ। 'ਚਮਾਰ ਭਰਤੀ ਕੀਤਿਓ ਆ ਕੇ ਆਉਂਦਾ-ਜਾਂਦਾ ਕੁਝ ਨਹੀਂ,' ਨਾਲ ਉਨ•ਾਂ ਦੇ ਚੇਤਿਆਂ ਵਿਚ ਮਨੂ ਦੀ ਸਮਾਜਿਕ ਵਿਵਸਥਾ ਵਿਰੁੱਧ ਚਿੰਗਾੜੀ ਚਮਕਦੀ।
ਬਾਬੂ ਮੰਗੂ ਰਾਮ 23ਵੇਂ ਵਰ•ੇ ਵਿਚ ਸਨ ਜਦੋਂ ਉਨ•ਾਂ ਦੀ ਡਿਊਟੀ 1950 ਵਿਚ 1951 ਦੀ ਮਰਦਮਸ਼ੁਮਾਰੀ ਲਈ ਬਾਘਾ ਪੁਰਾਣਾ ਵਿਖੇ ਲੱਗੀ ਹੋਈ ਸੀ। ਜਿੱਥੇ ਉਨ•ਾਂ ਨੂੰ ਠਹਿਰਾਇਆ ਗਿਆ ਉਹ ਇਕ ਫਾਰਮ ਹਾਊਸ ਸੀ। ਨਾਸ਼ਤਾ ਕਰਦਿਆਂ ਉਨ•ਾਂ ਦੇਖਿਆ ਕਿ ਖੇਤਾਂ ਦਾ ਮਾਲਕ ਜੱਟ ਅਚਾਨਕ ਉਠ ਕੇ ਸਾਹਮਣੇ ਵਾਲੇ ਖੇਤ ਨੂੰ ਦੂਹੋਦੂਹ ਦੌੜ ਪਿਆ ਹੈ। ਸਾਰੇ ਜਣੇ ਹੱਕੇ-ਬੱਕੇ ਰਹਿ ਗਏ। ਕਿਸੇ ਨੂੰ ਕੋਈ ਪਤਾ ਨਾ ਲੱਗਾ ਕਿ ਗੱਲ ਕੀ ਹੋਈ ਹੈ। ਉਹਨੇ ਵਾਪਸ ਆ ਕੇ ਕਾਹਲੀ ਨਾਲ ਆਪ ਹੀ ਮਾਣ-ਹੰਕਾਰ ਨਾਲ ਨਫ਼ਰਤ ਭਰੇ ਲਹਿਜ਼ੇ ਨਾਲ ਦੱਸਿਆ, 'ਪਿੰਡ ਦੀ ਚਮਾਰੀ ਸੀ- ਹੱਗ ਕੇ ਪੈਲ਼ੀ 'ਚੋਂ ਨਿਕਲਣ ਲੱਗੀ ਸੀ। ਮੈਂ ਜਾ ਘੇਰੀ, ਉਹਦਾ ਗੰਦ ਉਹਦੀ ਝੋਲੀ ਵਿਚ ਪੁਆ ਕੇ ਆਇਆਂ-ਸਾਲ਼ੀ ਚਮਾਰਲੀ ਖੇਤ ਭਿੱਟਦੀ ਤੇ ਗੰਦ ਪਾਉਂਦੀ ਰਹਿੰਦੀ ਏ'। ਉਪਰੋਕਤ ਘਟਨਾ ਬਾਬੂ ਮੰਗੂ ਰਾਮ ਜਸਪਾਲ ਨੇ ਇਨ•ਾਂ ਸਤਰਾਂ ਦੇ ਲੇਖਕ ਨੂੰ ਇਕ ਵਾਰਤਾਲਾਪ ਦੌਰਾਨ 24 ਅਕਤੂਬਰ 2009 ਨੂੰ ਲਾਲ ਅੱਖਾਂ ਤੇ ਭਰੇ ਮਨ ਨਾਲ ਦੱਸੀ। ਉਨ•ਾਂ ਹੋਰ ਦੱਸਿਆ ਕਿ ਉਨ•ਾਂ ਦੇ ਬਾਕੀ ਸਾਥੀ ਇਸ ਅਣਮਨੁੱਖੀ ਵਰਤਾਰੇ ਉਤੇ ਹੱਸ ਪਏ ਸਨ। …ਤੇ ਰਾਤ ਨੂੰ ਸ਼ਰਾਬ ਪੀ ਕੇ ਘੂਕ ਸੌਂ ਗਏ ਪਰ ਉਨ•ਾਂ ਦੀ ਨੀਂਦ ਪਤਾ ਨਹੀਂ ਕਿੱਧਰ ਉਡ ਗਈ ਸੀ। ਬੇਬਸੀ ਤੇ ਬੇਚੈਨੀ ਨੇ ਉਨ•ਾਂ ਅੰਦਰ ਸੁਨਾਮੀ ਦੀਆਂ ਲਹਿਰਾਂ ਚੜ•ਾ ਦਿੱਤੀਆਂ ਸਨ ਜੋ ਅਜਿਹਾ ਸਭ ਕੁਝ ਰੋੜ•ਨ ਲਈ ਉੱਚੀਆਂ-ਉੱਚੀਆਂ ਉਠ ਰਹੀਆਂ ਸਨ। ਜਾਤਪਾਤ ਤੇ ਛੂਤਛਾਤ ਦੇ ਦੈਂਤ ਨਾਲ ਮੱਥਾ ਲਾਉਣ ਵਾਲੇ ਹਾਲਾਤ ਉਨ•ਾਂ ਅੰਦਰ ਪੈਦਾ ਹੋ ਚੁੱਕੇ ਸਨ।
ਛੂਤਛਾਤ ਦਾ ਪਿੰਡਾਂ, ਕਸਬਿਆਂ ਤੇ ਸ਼ਹਿਰਾਂ ਵਿਚ ਬਹੁਤਾ ਫ਼ਰਕ ਨਹੀਂ ਸੀ। ਦੁਕਾਨ ਤੋਂ ਚਾਹ-ਪਾਣੀ, ਲੱਸੀ ਲਈ ਪੈਸੇ ਦੇਣ ਉਪਰੰਤ ਅਛੂਤਾਂ ਨੂੰ ਗਾਲ•ਾ ਸੁਣਨੀਆਂ ਪੈਂਦੀਆਂ ਸਨ ਜੇ ਪਤਾ ਲੱਗ ਜਾਂਦਾ ਕਿ ਗਾਹਕ ਚਮਾਰ ਜਾਂ ਅਛੂਤ ਹੈ। ਬਾਬੂ ਮੰਗੂ ਰਾਮ ਇਨ•ਾਂ ਹਾਲਾਤ ਵਿਚ ਗੁਜ਼ਰਦੇ ਹੋਏ ਕਿਰਾਏ ਦੇ ਮਕਾਨ ਲਈ ਖੱਜਲ-ਖੁਆਰ ਹੁੰਦੇ ਰਹੇ। ਉਨ•ਾਂ ਦੇ ਚਿੱਤ ਵਿਚ ਆਉਂਦਾ ਕਿ ਉਹ ਆਪਣੀ ਕੌਮ ਲਈ ਰੋਹ-ਵਿਦਰੋਹ ਦਾ ਡੰਕਾ ਵਜਾ ਦੇਣ ਪਰ ਨਾਸਾਜ਼ ਹਾਲਾਤ ਉਨ•ਾਂ ਦੀਆਂ ਸੰਘਣੀਆਂ, ਦਲੀਲ ਭਰੀਆਂ ਯੋਜਨਾਵਾਂ ਨੂੰ ਪਿਛਾਂਹ ਧੱਕਦੇ ਰਹੇ।
ਜਸਪਾਲ ਹੁਰਾਂ ਦਾ ਵਲੈਤ ਨੂੰ ਸਬੱਬ
ਘਰ ਦੇ ਹਾਲਾਤ ਬਦਲਦੇ ਗਏ। ਬਾਬੂ ਮੰਗੂ ਰਾਮ ਹੁਰਾਂ ਦਾ ਛੋਟਾ ਭਰਾ ਫ਼ਕੀਰ ਚੰਦ ਜਿਵੇਂ-ਕਿਵੇਂ ਵਲੈਤ ਭੇਜਿਆ ਗਿਆ। ਕੁਝ ਮਹੀਨਿਆਂ ਬਾਦ ਉਹ ਲਾਪਤਾ ਹੋ ਗਿਆ। ਇਧਰ ਉਸ ਦੀ ਕੁੜਮਾਈ ਹੌਲੀ ਉਮਰੇ ਹੋ ਗਈ ਸੀ। ਉਧਰ ਕੁੜੀ ਵਾਲੇ ਨਿੱਤ ਘਰ ਆ ਕੇ ਪੁੱਛ-ਦੱਸ ਕਰਨ ਲੱਗ ਪਏ। ਇਕ ਦਿਨ ਬਾਬੂ ਜੀ ਦੇ ਘਰ ਵੜਦਿਆਂ ਪਿਤਾ ਨੇ ਦੱਸਿਆ ਕਿ ਪੰਚਾਇਤ ਵਿਚ ਲਾਹਪਾ ਕੀਤੀ ਗਈ ਹੈ ਕਿ ਜੇ ਤੁਹਾਡੀ ਕੁੜੀ ਹੁੰਦੀ ਤਾਂ ਤੁਸੀਂ ਇਵੇਂ ਹੀ ਕੰਨਾਂ ਪਿੱਛੇ ਗੱਲ ਸੁੱਟੀ ਰੱਖਦੇ। ਨਿਮੋਸ਼ੀ ਦਾ ਵਿਸਥਾਰ 'ਚ ਦੱਸਿਆ। ਛੋਟੇ ਭਰਾ ਨੂੰ ਲੱਭ ਲਿਆਉਣ ਦਾ ਹੁਕਮ ਕੀਤਾ ਗਿਆ। ਆਪਣੇ ਵਿਭਾਗ ਨੂੰ ਸੂਚਨਾ ਦਿੱਤੇ ਬਗ਼ੈਰ ਮੰਗੂ ਰਾਮ ਹੁਰੀਂ ਵਲੈਤ ਨੂੰ ਉਡਾਰੀ ਮਾਰ ਗਏ। ਗੁਰੂ-ਘਰਾਂ ਤੇ ਹੋਰ ਪੰਜਾਬੀਆਂ ਦੇ ਆਉਣ-ਜਾਣ ਵਾਲੀਆਂ ਥਾਵਾਂ ਨੂੰ ਛਾਣ ਮਾਰਿਆ। ਤੇ ਆਖ਼ਿਰ ਮਿਲ ਗਏ ਭਾਈ ਸਾਹਿਬ। ਹੁਣ ਉਨ•ਾਂ ਦਾ ਆਪ ਵੀ ਉਥੇ ਟਿਕ ਜਾਣ ਦਾ ਸਬੱਬ ਬਣ ਗਿਆ। ਉਹ ਵੱਖ-ਵੱਖ ਕਾਰਖ਼ਾਨਿਆਂ ਵਿਚ 16-18 ਘੰਟੇ ਕੰਮ ਕਰਦੇ। ਲੋਹੇ ਨਾਲ ਕੁਸ਼ਤੀ ਕਰਦੇ। ਇਸ ਦੌਰਾਨ ਉਨ•ਾਂ ਆਪਣੇ ਵੱਡੇ ਪੁੱਤਰਾਂ ਨੂੰ ਵੀ ਸੱਦ ਲਿਆ। ਪਰ ਉਨ•ਾਂ ਦਾ ਮਨ ਆਜ਼ਾਦ ਭਾਰਤ ਦੇ ਉਨ•ਾਂ ਗ਼ੁਲਾਮਾਂ ਲਈ ਤੜਫਦਾ ਰਹਿੰਦਾ ਜੋ ਸਦੀਆਂ ਤੋਂ ਬੇਗਾਰਾਂ-ਬੁੱਤੀਆਂ ਤੇ ਬੇਇਜ਼ਤੀ ਨੂੰ ਜ਼ਰਦੇ ਆ ਰਹੇ ਸਨ। ਉਨ•ਾਂ ਨੂੰ ਆਪਣੀ ਖੁਦ ਕੀਤੀ ਪ੍ਰਤਿੱਗਿਆ ਚੇਤੇ ਆਉਂਦੀ-ਹੇ ਗੁਰੂ ਰਵਿਦਾਸ ਜੀ ਮਹਾਰਾਜ ਜੇ ਤੂੰ ਸਾਨੂੰ ਬੰਦਿਆਂ ਦਾ ਦਰਜਾ ਦੇਵੇਂਗਾ ਤਾਂ ਮੈਂ ਤੇਰੇ ਨਾਂ ਦਾ ਚਿਰਾਗ ਜਲਾਵਾਂਗਾ। ਲੋਕਾਈ ਦੀ ਬਿਹਤਰੀ ਲਈ ਤੇਰੇ ਉਪਦੇਸ਼ਾਂ ਤੇ ਵਿਚਾਰਧਾਰਾ ਦਾ ਪ੍ਰਚਾਰ ਕਰਾਂਗਾ। ਭਾਵੇਂ ਕਿ ਮੇਰਾ ਅੱਗਾ ਪਿੱਛਾ ਨਹੀਂ-ਨਾ ਕੋਈ ਚਾਚਾ-ਤਾਇਆ, ਨਾ ਮਾਮਾ, ਨਾ ਮਾਸੀ।
ਵਲੈਤ ਵਸਦਿਆਂ ਬਾਬੂ ਮੰਗੂ ਰਾਮ ਜਿੱਥੇ ਕਿਤੇ ਵੀ ਚਾਹੇ ਸਮੁੰਦਰ ਕਿਨਾਰੇ ਜਾਂਦੇ, ਧਰਮ ਸਥਾਨਾਂ ਅੰਦਰ ਜਾਂਦੇ, ਉਨ•ਾਂ ਦੇ ਤਨ-ਮਨ ਅੰਦਰ ਕੌਮ ਲਈ ਨਵੇਂ-ਨਵੇਂ ਵਿਚਾਰ ਉਠੱਦੇ। ਉਪਰਾਮ ਜਿਹੇ ਹੋਣ ਲਗਦੇ। ਆਖ਼ਿਰ ਉਨ•ਾਂ ਭਾਰਤ ਪਰਤਣ ਦਾ ਫ਼ੈਸਲਾ ਕਰ ਲਿਆ ਤੇ ਦਸੰਬਰ 1969 ਜਲੰਧਰ ਗਏ ਜਿੱਥੇ ਉਨ•ਾਂ 1950 ਵਿਚ 24 ਮਰਲੇ ਦਾ ਪਲਾਟ ਨੰ. 615 ਐਲ, ਮਾਡਲ ਟਾਊਨ, ਜਲੰਧਰ ਵਿਚ ਪਹਿਲਾਂ ਹੀ ਖਰੀਦਿਆ ਹੋਇਆ ਸੀ। ਉਨ•ਾਂ ਆਪਣੀ ਜ਼ਿੰਦਗੀ ਆਦਿ ਧਰਮੀ ਕੌਮ ਦੇ ਲੇਖੇ ਲਾਉਣ ਦਾ ਮਨੋਰਥ ਨਿਰਧਾਰਿਤ ਕਰ ਲਿਆ। ਇਸ ਸਭ ਕਾਸੇ ਪਿੱਛੇ ਉਨ•ਾਂ ਦੀ ਉਰਦੂ-ਫ਼ਾਰਸੀ ਤੇ ਅੰਗਰੇਜ਼ੀ ਵਿਚਲੀ ਪੜ•ਾਈ ਉਨ•ਾਂ ਨੂੰ ਅਜਿਹਾ ਕਰਨ ਲਈ ਪਰੇਰ ਰਹੀ ਸੀ। ਉਹ ਕਿਤਾਬਾਂ ਪੜ•ਨ-ਗੁੜ•ਨ ਵੱਲ ਬਹੁਤਾ ਧਿਆਨ ਲਾਉਂਦੇ। ਉਹ ਸੋਚਦੇ ਕਿ ਆਦਿ ਧਰਮੀਆਂ ਦੇ ਬਹੁਤੇ ਲੀਡਰਾਂ ਨੇ ਧਾਰਮਿਕ ਤੇ ਰਾਜਨੀਤਿਕ ਪਛਾਣ ਵੱਲ ਬਹੁਤੀ ਤਵੱਜੋ ਨਹੀਂ ਦਿੱਤੀ। ਉਨ•ਾਂ ਆਪਣੇ ਗੂਹੜ-ਗਿਆਨ ਤੋਂ ਨਤੀਜਾ ਕੱਢਿਆ ਕਿ ਸਾਡੇ ਸਮਾਜ ਦੇ ਸ਼ੋਸ਼ਣ ਦੇ ਹੋਰ ਵੀ ਕਾਰਨ ਹਨ ਜਿਵੇਂ— 1) ਗਰੀਬੀ, 2) ਮਜ਼ਬੂਰੀ ਅਤੇ 3) ਅਗਿਆਨਤਾ।
ਰਵਿਦਾਸ ਪੱਤ੍ਰਕਾ ਦਾ ਪ੍ਰਕਾਸ਼ਨ
ਬਾਬੂ ਮੰਗੂ ਰਾਮ ਜਸਪਾਲ ਨੇ ਪੰਜਾਬ ਆਉਣ ਸਾਰ ਹੀ ਕੌਮ ਦੀ ਇੱਜ਼ਤ-ਆਬਰੂ ਤੇ ਹੱਕ ਹਾਸਿਲ ਕਰਨ ਦਾ ਬੀੜਾ ਚੁੱਕ ਲਿਆ। ਉਨ•ਾਂ ਕੁਝ ਬੁੱਧੀਜੀਵੀਆਂ ਦੀ ਇਕੱਤਰਤਾ ਕੀਤੀ। ਪਹਿਲਾਂ ਹੀ ਰਜਿਸਟਰਡ ਰਵਿਦਾਸ ਪੱਤ੍ਰਕਾ ਨਾਂ ਦੀ ਅਖਬਾਰ ਆਪਣੇ ਮਿੱਤਰ ਤੋਂ ਲੈ ਲਈ। ਪਹਿਲਾ ਅੰਕ 17 ਫ਼ਰਵਰੀ 1970 ਗੁਰੂ ਰਵਿਦਾਸ ਜੀ ਦੇ ਗੁਰਪੁਰਬ ਮੌਕੇ ਪ੍ਰਕਾਸ਼ਿਤ ਕੀਤਾ। ਉਨ•ਾਂ ਸ਼੍ਰੀ ਚਾਨਣ ਲਾਲ ਮਾਣਕ ਨੂੰ ਇਸ ਦਾ ਸੰਪਾਦਕ ਬਣਾਇਆ ਤੇ ਖੁਦ ਪ੍ਰੋਪਾਈਟਰ ਬਣੇ। 7 ਅਪ੍ਰੈਲ 1970 ਅੰਕ ਨੰ. 8 ਤੋਂ ਬਾਬੂ ਮੰਗੂ ਰਾਮ 'ਜਸਪਾਲ' ਸੰਪਾਦਕ ਬਣ ਗਏ। ਹਫ਼ਤਾਵਾਰ ਇਸ ਅਖ਼ਬਾਰ ਵਿਚ ਗੁਰੂ ਰਵਿਦਾਸ ਦਰਸ਼ਨ, ਵਿਚਾਰਧਾਰਾ, ਗੁਰੂ ਜੀ ਨਾਲ ਸੰਬੰਧਿਤ ਲੇਖ ਤੇ ਕਵਿਤਾਵਾਂ ਛਪਣ ਲੱਗੇ। ਗੁਰੂ ਰਵਿਦਾਸ ਗੁਰਧਾਮਾਂ ਅਤੇ ਗੁਰੂ ਜੀ ਦੇ ਨਾਂ ਉਤੇ ਪ੍ਰਚਾਰ ਕਰਨ ਵਾਲੇ ਡੇਰਿਆਂ ਨੂੰ ਹੁਲਾਰਾ ਦਿੱਤਾ ਜਾਣ ਲੱਗਾ। ਉਨ•ਾਂ ਕੌਮ ਦੇ ਬੁੱਧੀ-ਜੀਵੀਆਂ ਨੂੰ ਸਵਾਲ ਕੀਤੇ— 1) ਗੁਰੂ ਰਵਿਦਾਸ ਕੌਣ ਸਨ?, 2) ਗੁਰੂ ਰਵਿਦਾਸ ਜੀ ਕੀ ਸਨ?, 3) ਉਨ•ਾਂ ਦਾ ਜੀਵਨ ਮਨੋਰਥ ਕੀ ਸੀ?, 4) ਕੀ ਉਹ ਸਿਰਫ਼ ਚਮਾਰ ਸਨ?, 5) ਸਾਡੀ ਪਛਾਣ ਕੀ ਹੈ? 6) ਦੈਵਿਕ ਸਿਧਾਂਤ ਕੀ ਹੈ?, 7) ਏਕਤਾ ਤੇ ਅਨੁਸ਼ਾਸਨ ਕੀ ਹਨ? ਇਹ ਉਹ ਖੁਦ ਹੀ ਝੰਜੋੜਨ ਵਾਲੇ ਸੰਵਾਦ ਰਚਾਉਂਦੇ ਤੇ ਖੁਦ ਹੀ ਉਨ•ਾਂ ਦੇ ਜਵਾਬ ਦਿੰਦੇ।
ਪੱਤ੍ਰਕਾ ਵਿਚ ਕੌਮ ਤੇ ਆਗੂਆਂ ਡਾ. ਭੀਮ ਰਾਓ ਅੰਬੇਡਕਰ ਸਮੇਤ ਆਦਿ ਧਰਮੀ ਸਮਾਜ ਸੁਧਾਰਕਾਂ ਦੇ ਚੇਤਨਾ ਭਰਪੂਰ ਲੇਖਾਂ ਨੂੰ ਪ੍ਰਕਾਸ਼ਿਤ ਕੀਤਾ ਜਾਣ ਲੱਗਾ। ਪ੍ਰਕਾਸ਼ਨ ਦੇ ਚਾਰ ਕੁ ਮਹੀਨਿਆਂ ਉਪਰੰਤ ਰਵਿਦਾਸ ਪੱਤ੍ਰਕਾ ਦਾ ਬਹੁਤ ਝੁਕਾਅ ਗੁਰੂ ਰਵਿਦਾਸ ਮਿਸ਼ਨ ਅਤੇ ਆਦਿ ਧਰਮ ਦੇ ਸਿਧਾਂਤਾਂ ਨੂੰ ਮੁੜ ਉਭਾਰੇ ਜਾਣ ਉਤੇ ਕੇਂਦਰਿਤ ਹੋ ਗਿਆ।
ਬਾਬੂ ਮੰਗੂ ਰਾਮ ਮੁੱਗੋਵਾਲ ਨਾਲ ਮੁਲਾਕਾਤ
ਬਾਬੂ ਜਸਪਾਲ ਨੇ 'ਰਵਿਦਾਸ ਪੱਤ੍ਰਕਾ' ਦੇ ਪ੍ਰਕਾਸ਼ਨ ਉਪਰੰਤ ਤੁਰੰਤ ਬਾਬੂ ਮੰਗੂ ਰਾਮ ਮੁੱਗੋਵਾਲ ਨੂੰ ਲੱਭਣ ਲਈ ਯਤਨ ਸ਼ੁਰੂ ਕੀਤੇ ਗਏ। ਯਤਨ ਇਸ ਲਈ ਕਿ ਕੁਝ ਆਦਿ ਧਰਮੀ ਨੇਤਾਵਾਂ ਨੇ ਅਫ਼ਵਾਹ ਫ਼ੈਲਾਅ ਦਿੱਤੀ ਸੀ ਕਿ ਬਾਬੂ ਜੀ ਕਾਫ਼ੀ ਅਰਸਾ ਪਹਿਲਾਂ ਪੂਰੇ ਹੋ ਚੁੱਕੇ ਹਨ। ਖ਼ੈਰ, ਅਪ੍ਰੈਲ 1970 ਬਾਬੂ ਜਸਪਾਲ ਗੜ•ਸ਼ੰਕਰ ਵਿਖੇ ਬਾਬੂ ਮੰਗੂ ਰਾਮ ਮੁੱਗੋਵਾਲ ਨੂੰ ਉਨ•ਾਂ ਦੇ ਫਾਰਮ ਹਾਊਸ ਵਿਚ ਜਾ ਮਿਲੇ। ਉਹ ਦੇਖ ਕੇ ਹੈਰਾਨ ਰਹਿ ਗਏ ਕਿ ਆਦਿ ਧਰਮੀਆਂ ਦਾ ਮਹਾਨ ਨੇਤਾ ਕਿੰਨੀ ਸਾਧਾਰਨ ਹਾਲਤ ਵਿਚ ਹੈ। ਬਾਬੂ ਜੀ ਉਸ ਵੇਲੇ ਛੋਲਿਆਂ ਦੀਆਂ ਭੁੰਨੀਆਂ ਹੋਲਾਂ ਧੂਣੀ ਵਿਚੋਂ ਚੁੱਗ ਕੇ ਖਾ ਰਹੇ ਸਨ। ਜਦੋਂ ਬਾਬੂ ਜਸਪਾਲ ਹੁਰਾਂ ਆਪਣੇ ਮਿਲਣ ਦਾ ਮੰਤਵ ਦੱਸਿਆ ਤਾਂ ਬਾਬੂ ਜੀ ਰੋਣ ਲੱਗ ਪਏ। ਇੰਨੇ ਸਾਲਾਂ ਬਾਅਦ ਉਨ•ਾਂ ਨੂੰ ਕੋਈ ਆਪਣਾ ਮਿਲਣ ਆਇਆ ਸੀ। ਬਾਬੂ ਜੀ ਨੇ ਕਿਹਾ, 'ਮੁੰਡਿਓ, ਵਕਤ ਆਵੇਗਾ ਤੁਸੀਂ ਵੀ ਏਦਾਂ ਹੀ ਰੋਣਾ। ਤੁਸੀਂ ਜੋ ਕੰਮ ਕਰਨ ਲੱਗੇ ਹੋ, ਉਹ ਕਿਸੇ ਨੇ ਨਹੀਂ ਦੇਖਣਾ-ਸੁਣਨਾ, ਤੁਹਾਡੇ ਲੋਕਾਂ ਨੇ ਹੀ ਤੁਹਾਨੂੰ ਅਕਾ-ਥਕਾ ਦੇਣਾ। ਮੈਂ ਸਬਰ ਕਰ ਕੇ ਬਹਿ ਗਿਆਂ। ਜੋ ਅਸੀਂ ਜ਼ਰ ਲਿਆ ਉਹ ਤੁਹਾਡੇ ਤੋਂ ਬਰਦਾਸ਼ਤ ਨਹੀਂ ਹੋਣਾ।
ਜਦੋਂ ਆਦਿ ਧਰਮ ਦੇ ਬਾਨੀ ਨੂੰ ਰਵਿਦਾਸ ਪੱਤ੍ਰਕਾ ਦੇ ਸੰਪਾਦਕ ਬਾਬੂ ਜਸਪਾਲ ਨੇ ਭਰੋਸਾ ਦਿਵਾਇਆ ਕਿ ਉਹ ਆਦਿ ਧਰਮ ਦੀ ਵਿਚਾਰਧਾਰਾ ਨੂੰ ਫੈਲਾਉਣ ਦੀ ਪੂਰੀ ਵਾਹ ਲਾਉਣਗੇ ਤਾਂ ਬੁੱਢੇ ਜਰਨੈਲ ਦੀਆਂ ਅੱਖਾਂ ਵਿਚ ਚਮਕ ਆ ਗਈ। ਫਿਰ ਕੀ ਸੀ ਦੋਵੇਂ ਸਿਰਨਾਵੀਏਂ ਆਦਿ ਧਰਮ ਲਹਿਰ ਮੁੜ ਸੁਰਜੀਤ ਕਰਨ ਵਿਚ ਦਿਨ-ਰਾਤ ਰੁੱਝ ਗਏ। ਚੇਤਨਾ ਦਾ ਵਿਆਪਕ ਪਸਾਰਾ ਹੋਣ ਲੱਗਾ। ਬਾਬੂ ਮੰਗੂ ਰਾਮ ਮੁੱਗੋਵਾਲ ਨੇ ਲਿਖਿਆ ਅਤੇ ਸਟੇਜਾਂ ਉਤੇ ਕਿਹਾ 'ਰਵਿਦਾਸ ਪੱਤ੍ਰਕਾ' ਹੁਣ 'ਆਦੀ ਡੰਕਾ' ਦਾ ਰੂਪ ਹੈ। ਉਨ•ਾਂ 21 ਜੁਲਾਈ 1970 ਦੇ ਰਵਿਦਾਸ ਪੱਤ੍ਰਕਾ ਅੰਕ ਵਿਚ ਪਹਿਲਾ ਲੇਖ ਲਿਖਿਆ, 'ਰਾਇਲ ਕਮਿਸ਼ਨ ਦਾ ਆਉਣਾ'। ਪੱਤ੍ਰਕਾ ਟੀਮ ਵਿਚ ਜੋ ਹੋਰ ਸਖ਼ਸ਼ੀਅਤਾਂ ਜੁੜੀਆਂ ਉਹ ਸਨ ਹਰਚਰਨ ਦਾਸ ਤੇ ਅਮਰ ਚੰਦ (ਯੂ.ਕੇ.) ਅਤੇ ਗਿਆਨ ਚੰਦ ਕੌਲ।
ਸੰਪਾਦਕ ਵਜੋਂ ਕੌਮ ਨੂੰ ਦੇਣ
ਬਾਬੂ ਮੰਗੂ ਰਾਮ ਜਸਪਾਲ ਨੇ ਮਾਨਵਵਾਦੀ ਦ੍ਰਿਸ਼ਟੀ ਨਾਲ ਪਾਖੰਡਾਂ, ਦੰਡਾਂ, ਵਹਿਮਾਂ-ਭਰਮਾਂ ਵਿਰੁੱਧ ਜਿੱਥੇ ਮੁਹਿੰਮ ਚਲਾਈ ਉਥੇ ਨਿਡਰ ਤੇ ਨਿਰਭੈ ਹੋ ਕੇ ਉਨ•ਾਂ ਲੋਕਾਂ ਵਿਰੁੱਧ ਲਿਖਿਆ ਜਿਨ•ਾਂ ਕੌਮ ਦੀ ਏਕਤਾ ਨੂੰ ਖੋਰਾ ਲਾਇਆ। ਰਾਜਸੀ ਮੁਫਾਦਾਂ ਖਾਤਰ ਜਿਨ•ਾਂ ਕੌਮ ਨੂੰ ਬਲੀ ਚੜ•ਾ ਦਿੱਤਾ-ਉਨ•ਾਂ ਦੀ ਆਲੋਚਨਾ ਸਖ਼ਤ ਭਾਸ਼ਾ ਵਿਚ ਕੀਤੀ। ਉਨ•ਾਂ ਠੋਕ-ਵਜਾ ਕੇ ਲਿਖਿਆ 'ਮੈਂ ਪਹਿਲਾਂ ਵੀ ਕਈ ਵਾਰ ਲਿਖ ਚੁੱਕਾ ਹਾਂ ਅਤੇ ਫਿਰ ਸਪਸ਼ਟ ਦੱਸਣਾ ਚਾਹੁੰਦਾ ਹਾਂ ਕਿ ਧਾਰਮਿਕ ਪੱਖੋਂ ਸਿਰਫ਼ ਆਦਿ ਧਰਮ ਦਾ ਪ੍ਰਚਾਰ ਕਰਾਂਗਾ।' ਇਉਂ 'ਰਵਿਦਾਸ ਪੱਤ੍ਰਕਾ' ਸਦਕਾ ਗੁਰੂ ਰਵਿਦਾਸ ਨਾਮਲੇਵਾ ਤੇ ਆਦਿ ਧਰਮੀਆਂ ਦੀ ਲਹਿਰ ਉਤਰੀ ਭਾਰਤ ਅਤੇ ਵਿਦੇਸ਼ਾਂ ਵਿਚ ਬਣ ਗਈ। ਬਾਬੂ ਜਸਪਾਲ ਨੇ ਮਾਰਕ ਜੁਏਰਗੇਨਮੇਇਰ ਨੂੰ 'ਰੀਲੀਜੀਅਸ ਰੇਬੈਲਜ਼ ਇਨ ਦਾ ਪੰਜਾਬ' ਵਾਸਤੇ ਆਦਿ ਧਰਮ ਮੰਡਲ, ਪੰਜਾਬ ਅਤੇ ਗੁਰੂ ਰਵਿਦਾਸ ਨਾਲ ਸੰਬੰਧਿਤ ਸਮੱਗਰੀ, ਰਵਿਦਾਸ ਪੱਤ੍ਰਕਾ ਦੇ ਅੰਕ ਮੁਹੱਈਆ ਕਰਵਾਏ। ਇਸ ਜੁਗਤ ਨਾਲ ਉਨ•ਾਂ ਆਦਿ ਧਰਮ ਦੀ ਵਿਚਾਰਧਾਰਾ ਨੂੰ ਸਮੁੱਚੇ ਸੰਸਾਰ ਵਿਚ ਪਹੁੰਚਾਇਆ। ਇੰਜ ਹੀ ਬਲਬੀਰ ਮਾਧੋਪੁਰੀ ਨੂੰ ਆਦਿ ਧਰਮ ਨਾਲ ਸੰਬੰਧਿਤ ਰਵਿਦਾਸ ਪੱਤ੍ਰਕਾ ਦੇ ਅੰਕ ਸਕੈਨ ਕਰਵਾ ਕੇ ਤੇ ਜਿਲਦਾਂ ਬਨ•ਾਂ ਕੇ ਤੋਹਫੇ ਵਜੋਂ ਦਿੱਤੇ। ਉਪਰੰਤ 'ਆਦਿ ਧਰਮ ਦੇ ਬਾਨੀ-ਗ਼ਦਰੀ ਬਾਬਾ ਮੰਗੂ ਰਾਮ' ਨੂੰ ਛਪਵਾਉਣ ਤੇ ਦੇਸ਼-ਵਿਦੇਸ਼ ਪਹੁੰਚਾਉਣ ਦੀ ਸਾਰੀ ਜ਼ਿੰਮੇਵਾਰੀ ਆਪਣੇ ਸਿਰ ਲਈ।
ਇੱਥੇ ਹੀ ਬੱਸ ਨਹੀਂ। ਬਾਬੂ ਮੰਗੂ ਰਾਮ ਜਸਪਾਲ ਤੇ 1973-74 ਵਿਚ ਚੌਧਰੀ ਗੁਰਮੇਲ ਸਿੰਘ, ਕੈਬਨਿਟ ਮੰਤਰੀ ਅਤੇ ਉਸ ਵੇਲੇ ਦੇ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ ਨਾਲ ਲਗਾਤਾਰ ਮੁਲਾਕਾਤਾਂ ਕਰ ਕੇ ਗੁਰੂ ਰਵਿਦਾਸ ਗੁਰਪੁਰਬ ਦਾ ਪਹਿਲੀ ਵਾਰ ਸਰਕਾਰੀ ਪੱਧਰ ਉਤੇ ਮਨਾਉਣਾ ਮਨਜ਼ੂਰ ਕਰਵਾਇਆ।
• ਉਨ•ਾਂ ਪੰਜਾਬ ਯੂਨੀਵਰਸਿਟੀ ਚੰਡੀਗੜ• ਵਿਚ ਗੁਰੂ ਰਵਿਦਾਸ ਚੇਅਰ ਸਥਾਪਿਤ ਕਰਵਾਈ ਤੇ ਖੋਜ-ਸੋਧ ਦਾ ਕਾਰਜ ਸ਼ੁਰੂ ਕਰਵਾਇਆ।
• ਉਨ•ਾਂ ਦੁਆਬੇ ਦੇ ਪਿੰਡਾਂ ਵਿਚ 585 ਸ੍ਰੀ ਗੁਰੂ ਰਵਿਦਾਸ ਸਭਾਵਾਂ ਬਣਾਈਆਂ ਜਿਨ•ਾਂ ਅੱਗੇ ਜਾ ਕੇ ਡੀ.ਐਸ. 4 ਦਾ ਰੂਪ ਧਾਰਨ ਕੀਤਾ ਜੋ ਹੋਰ ਅੱਗੇ ਜਾ ਕੇ ਬਹੁਜਨ ਸਮਾਜ ਪਾਰਟੀ ਦਾ ਮਜ਼ਬੂਤ ਆਧਾਰ ਬਣੀਆਂ।
• ਉਨ•ਾਂ 1961 ਵਿਚ ਇੰਗਲੈਂਡ ਜਾ ਕੇ ਉਥੋਂ ਦੇ ਲਗਭਗ ਹਰੇਕ ਸ਼ਹਿਰ ਵਿਚ ਗੁਰੂ ਰਵਿਦਾਸ ਸਭਾਵਾਂ ਬਣਾਈਆਂ। ਰਵਿਦਾਸ ਪੱਤ੍ਰਕਾ ਰਾਹੀਂ ਪ੍ਰੇਰਨਾ ਦੇ ਕੇ ਏਸ਼ੀਆ ਅਤੇ ਯੂਰਪ ਦੇ ਕੁਝ ਦੇਸ਼ਾਂ ਵਿਚ ਵੀ ਸਭਾਵਾਂ ਹੋਂਦ ਵਿਚ ਲਿਆਂਦੀਆਂ।
• ਉਹ ਬਾਬੂ ਮੰਗੂ ਰਾਮ ਮੁੱਗੋਵਾਲ ਨੂੰ 22 ਮਈ 1977 ਨੂੰ ਇੰਗਲੈਂਡ ਲੈ ਕੇ ਗਏ ਜਿੱਥੇ ਉਨ•ਾਂ ਕਈ ਗੁਰੂ ਘਰਾਂ ਸਮੇਤ ਆਦਿ ਧਰਮੀ ਸਭਾਵਾਂ ਨੂੰ ਸੰਬੋਧਨ ਕੀਤਾ। ਦੋਵੇਂ ਸਿਰਨਾਵੀਏਂ 24 ਅਗਸਤ 1977 ਨੂੰ ਭਾਰਤ ਪਰਤੇ। ਬਾਬੂ ਮੰਗੂ ਰਾਮ ਮੁੱਗੋਵਾਲ ਦੀ 1925 ਵਿਚ ਵਤਨਵਾਪਸੀ ਉਪਰੰਤ ਇੰਗਲੈਂਡ ਦੀ ਪਹਿਲੀ ਯਾਤਰਾ ਸੀ।
• ਉਨ•ਾਂ ਬਨਾਰਸ ਵਿਖੇ ਗੁਰੂ ਰਵਿਦਾਸ ਜਨਮ ਅਸਥਾਨ ਮੰਦਰ ਦੀ ਉਸਾਰੀ ਲਈ ਇੰਗਲੈਂਡ ਅਤੇ ਹੋਰ ਦੇਸ਼ਾਂ ਵਿਚੋਂ ਧਨ ਇਕੱਤਰ ਕਰਕੇ ਡੇਰਾ ਸੱਚਖੰਡ ਬੱਲਾਂ ਦੇ ਸੰਤ ਸਰਵਣ ਦਾਸ ਜੀ ਰਾਹੀਂ ਅਤੇ ਹਰਿਦੁਆਰ ਵਿਖੇ ਬੇਗ਼ਮਪੁਰਾ ਆਸ਼ਰਮ ਦੀ ਉਸਾਰੀ ਲਈ ਸੰਤ ਸੇਵਾ ਦਾਸ ਕਾਲੇਵਾਲ ਭਗਤਾਂ ਰਾਹੀਂ ਸੇਵਾ ਯੋਗਦਾਨ ਪਾਇਆ।
• ਉਨ•ਾਂ ਬਾਬੂ ਮੰਗੂ ਰਾਮ ਮੁੱਗੋਵਾਲ ਦੀ 122ਵੀਂ ਜਨਮ ਵਰ•ੇਗੰਢ ਮੌਕੇ ਬਾਬੂ ਮੰਗੂ ਰਾਮ ਮੈਮੋਰੀਅਲ ਪਾਰਕ ਦੀ ਉਸਾਰੀ ਵਾਸਤੇ 40 ਹਜ਼ਾਰ ਰੁਪਏ ਦੀ ਕਮੇਟੀ ਨੂੰ ਰਕਮ ਦਿੱਤੀ।
ਦਾਰਸ਼ਨਿਕ ਤੇ ਖੋਜੀ ਸਖਸ਼ੀਅਤ
ਬਾਬੂ ਜਸਪਾਲ ਨੇ ਗੁਰੂ ਰਵਿਦਾਸ ਜੀ ਦੇ ਜੀਵਨ ਤੇ ਦਰਸ਼ਨ ਬਾਰੇ ਬਾਰੀਕੀ ਨਾਲ ਖੋਜ ਤੇ ਘੋਖ ਕੀਤੀ। ਉਨ•ਾਂ ਅਧਿਐਨ ਆਧਾਰਿਤ ਕੁਝ ਸਵਾਲ ਖੜ•ੇ ਕੀਤੇ ਜਿਨ•ਾਂ ਵਿਚੋਂ ਪ੍ਰਮੁੱਖ ਹਨ:-
1) ਗੁਰੂ ਰਵਿਦਾਸ ਜੀ ਦੀ ਜਨਮ ਮਿਤੀ ਨਿਰਧਾਰਿਤ ਕਰਨਾ।
2) ਉਨ•ਾਂ ਦੀ ਵਿਚਾਰਧਾਰਾ ਅਤੇ ਮਾਨਵਤਾ ਪ੍ਰਤੀ ਕਾਰਜ।
3) ਉਨ•ਾਂ ਦੀ ਵਿਚਾਰਧਾਰਾ ਦਾ ਸਮਕਾਲੀ ਧਾਰਮਿਕ, ਸਮਾਜਿਕ, ਆਰਥਿਕ ਅਤੇ ਰਾਜਸੀ ਢਾਂਚੇ ਉਤੇ ਪ੍ਰਭਾਵ।
4) ਸਮਕਾਲੀ ਆਗੂਆਂ ਸਮੇਤ ਸਮਕਾਲੀ ਸਖਸ਼ੀਅਤਾਂ ਨਾਲ ਉਨ•ਾਂ ਦਾ ਸੰਪਰਕ, ਵਿਚਾਰ-ਵਟਾਂਦਰਾ ਅਤੇ ਉਨ•ਾਂ ਉਤੇ ਪ੍ਰਭਾਵ।
5) ਗੁਰੂ ਰਵਿਦਾਸ ਜੀ ਦੀ ਮ੍ਰਿਤੂ ਦੇ ਕਾਰਨਾਂ ਦਾ ਪਤਾ ਲਾਉਣਾ।
6) ਦੈਵੀ ਸਿਧਾਂਤਾਂ ਵਿਰੁੱਧ ਗੁਰੂ ਰਵਿਦਾਸ ਦਰਸ਼ਨ ਦਾ ਵਿਆਪਕ ਪੱਧਰ ਉਤੇ ਅਧਿਐਨ ਕਰਨਾ ਕਰਵਾਉਣਾ।
ਸੱਚੀ ਗੱਲ ਤਾਂ ਇਹ ਹੈ ਕਿ ਬਾਬੂ ਮੰਗੂ ਰਾਮ ਜਸਪਾਲ ਹੁਰਾਂ ਦਾ ਦੇਸ਼-ਵਿਦੇਸ਼ ਸੰਬੰਧੀ ਵਿਸ਼ਾਲ ਸਮਾਜਿਕ ਅਨੁਭਵ ਸੀ। ਉਹ ਕਹਿੰਦੇ ਕਿ ਅਸੀਂ ਅੰਗਰੇਜ਼ਾਂ ਤੋਂ ਬਹੁਤ ਕੁਝ ਹੋਰ ਸਿੱਖ ਸਕਦੇ ਸੀ। ਮਨੁੱਖੀ ਸਾਂਝ ਦੀਆਂ ਤੰਦਾਂ ਸੰਘਣੀਆਂ ਬਣਾ ਸਕਦੇ ਸੀ। ਅਜੇ ਵੀ ਵਿਗਿਆਨਕ ਦ੍ਰਿਸ਼ਟੀ ਅਪਣਾ ਕੇ ਆਪਸੀ ਭਾਈਚਾਰੇ ਨੂੰ ਮਜ਼ਬੂਤ ਕਰ ਸਕਦੇ ਹਾਂ। ਸਾਡਾ ਸਮਾਜ ਇੰਨਾ ਵੰਡ ਹੋ ਗਿਆ ਹੈ ਕਿ ਜੋ ਲੋਕ ਸਾਡੇ ਵਿਚੋਂ ਦੂਜੇ ਧਰਮਾਂ ਵਿਚ ਜਾਂਦੇ ਹਨ ਉਹ ਹਿੰਦੂਆਂ ਵਾਂਗ ਸਾਡੇ ਨਾਲ ਵਰਤਾਰਾ ਕਰਦੇ ਹਨ ਅਤੇ ਆਪਣੇ ਆਪ ਨੂੰ ਸ੍ਰੇਸ਼ਟ ਸਮਝਣ ਲੱਗ ਪਏ ਹਨ। ਰਿਸ਼ਤੇਦਾਰੀ ਬਣਾਉਣ ਤੋਂ ਇਨਕਾਰੀ ਹੋ ਗਏ ਹਨ।
ਉਹ ਅਕਸਰ ਕਹਿੰਦੇ ਕਿ ਆਪਣੇ ਬਜ਼ੁਰਗਾਂ ਦੀਆਂ ਕੁਰਬਾਨੀਆਂ ਦਾ ਕਰਜ਼ਾ ਲਾਹੁਣਾ ਸਾਡਾ ਪਹਿਲਾ ਫ਼ਰਜ਼ ਹੈ। ਉਹ ਗੁਰੂ ਰਵਿਦਾਸ ਤੇ ਬਾਬੂ ਮੰਗੂ ਰਾਮ ਬਾਰੇ ਆਖਦੇ ਕਿ ਉਹ ਦੋਵੇਂ ਮਹਾਂਪੁਰਸ਼ ਮੇਰੇ ਲਈ ਰੱਬ ਹਨ ਜਿਨ•ਾਂ ਆਪਣੇ ਸਮਿਆਂ ਦੇ ਨਿਜ਼ਾਮ ਨਾਲ ਟੱਕਰ ਲਈ। ਹਿੰਦੂਆਂ ਦੇ ਕਲਪਤ ਨਰਕ ਨਾਲੋਂ ਭੈੜੀ ਸਮਾਜਿਕ ਦੁਰਦਸ਼ਾ ਵਿਚੋਂ ਸਾਨੂੰ ਕੱਢਿਆ। ਪਸ਼ੂਆਂ ਤੋਂ ਬਦਤਰ ਸਮਝੇ ਜਾਂਦੇ ਸਾਡੇ ਸਮਾਜ ਨੂੰ ਮਨੁੱਖਾਂ ਦਾ ਦਰਜਾ ਦਿਵਾਉਣ ਲਈ ਆਪਣੀਆਂ ਉਮਰਾਂ ਲਾ ਦਿੱਤੀਆਂ। ਇਸ ਦੇ ਨਾਲ ਹੀ ਉਹ ਕਹਿੰਦੇ ਰਹਿੰਦੇ ਕਿ 1926 ਵਿਚ ਜਦ ਆਦਿ ਲੋਕਾਂ ਦਾ ਮਾਨਵਵਾਦੀ ਧਰਮ-ਆਦਿ ਧਰਮ ਐਲਾਨ ਹੋ ਚੁੱਕਾ, ਤਾਂ ਦੂਜਾ ਧਰਮ ਅਪਣਾਏ ਜਾਣ ਦੀ ਕੀ ਲੋੜ । ਬਾਬੂ ਮੰਗੂ ਰਾਮ ਜਸਪਾਲ ਨੇ ਰਵਿਦਾਸ ਪੱਤ੍ਰਕਾ ਨੂੰ ਦਰਸ਼ਨ ਸ਼ਾਸਤਰ ਦਾ ਤਿੱਖਾ ਸ਼ਸਤਰ ਬਣਾ ਕੇ ਵਰਤਿਆ। ਉਨ•ਾਂ ਵਾਰ-ਵਾਰ ਲਿਖਿਆ ਕਿ ਸਾਨੂੰ ਕੀ ਕਰਨਾ ਚਾਹੀਦਾ ਹੈ। ਜਿਵੇਂ:-
1) ਜਾਤਪਾਤ ਦੇ ਫ਼ਿਰਕਾਪ੍ਰਸਤੀ ਦਾ ਖਾਤਮਾ ਕਰਨਾ।
2) ਤਾਨਾਸ਼ਾਹ ਦੀ ਥਾਂ ਲੋਕ ਰਾਜ ਦੀ ਮਜ਼ਬੂਤੀ ਕਰਨਾ।
3) ਪੂੰਜੀਵਾਦ ਦੀ ਥਾਂ ਸਮਾਜਵਾਦ ਲਈ ਕੰਮ ਕਰਨਾ।
4) ਬੰਦਿਆਂ ਨੂੰ ਠੱਗਣ ਅਤੇ ਨਿਗਲਣ ਵਾਲੇ ਬੰਦਿਆਂ ਦੇ ਬਣਾਏ ਧਰਮਾਂ ਤੋਂ ਦੂਰ ਰਹਿਣਾ। ਇਹੀ ਗੁਰੂ ਰਵਿਦਾਸ ਮਿਸ਼ਨ ਅਤੇ ਆਦਿ ਧਰਮ ਦੀ ਮਾਨਵੀ ਵਿਚਾਰਧਾਰਾ ਹੈ।
ਇਸ ਦੇ ਨਾਲ-ਨਾਲ ਉਨ•ਾਂ ਆਪਣੀ ਖੋਜ ਅਧਾਰਿਤ ਮੂਲ ਨਿਵਾਸੀਆਂ (ਆਦਿ ਧਰਮੀਆਂ) ਬਾਰੇ ਸਿੱਟੇ ਕੱਢੇ ਕਿ ਉਨ•ਾਂ ਨੂੰ ਕਿਹੜੇ ਕਿਹੜੇ ਨਾਵਾਂ ਥਾਣੀਂ ਗੁਜ਼ਰਨਾ ਪਿਆ। ਉਨ•ਾਂ ਰਵਿਦਾਸ ਪੱਤ੍ਰਕਾ ਵਿਚ ਲਿਖਿਆ ਤੇ ਇਕ ਮੁਲਾਕਾਤ ਵਿਚ ਦੱਸਿਆ ਤਰਤੀਬ ਇਸ ਤਰ•ਾਂ ਦਿੱਤੀ ਜਾ ਸਕਦੀ ਹੈ। ਸਭ ਤੋਂ ਪਹਿਲਾਂ:-
ਆਦਿ ਲੋਕ
ਸ਼ੂਦਰ ਲੋਕ
ਅਤਿ ਸ਼ੂਦਰ ਲੋਕ
ਸੂਚਿਤ ਜਾਤੀ ਲੋਕ ਤੇ ਕਬੀਲੇ
ਅਨੁਸੂਚਿਤ ਜਾਤੀ ਲੋਕ
ਪਛੜੀ ਜਾਤੀ ਲੋਕ
ਦਲਿਤ ਲੋਕ
ਉਪਰੋਕਤ ਦੇ ਸੰਦਰਭ ਬਾਬੂ ਮੰਗੂ ਰਾਮ ਜਸਪਾਲ ਨੇ ਆਪਣੀ ਇਤਿਹਾਸਕ ਤੇ ਪੁਖਤਾ ਜਾਣਕਾਰੀ ਦੇ ਆਧਾਰ 'ਤੇ ਪ੍ਰਮਾਣ ਦਿੱਤੇ ਕਿ ਹਮਲਾਵਰ ਵਿਦੇਸ਼ੀ ਆਰੀਆ ਨੇ ਕਿਵੇਂ ਹੈਲਪਰ ਕਲਾਸ ਖੜ• ਕੀਤੀ ਤੇ ਫਿਰ ਸਦੀਆਂ ਤੱਕ ਉਨ•ਾਂ ਦਾ ਕਿਵੇਂ ਸ਼ੋਸ਼ਣ ਕੀਤਾ ਜੋ ਅੱਜ ਵੀ ਜਾਰੀ ਹੈ। ਉਨ•ਾਂ ਆਪਣੀ ਖੋਜ ਵਿਚ ਕਿਹਾ ਕਿ ਪੰਜਾਬ ਦੀ ਆਬਾਦੀ ਵਿਚ 42 ਫੀਸਦ ਆਦਿ ਧਰਮੀ, 40 ਫੀਸਦ ਸਿੱਖ ਤੇ 18 ਫੀਸਦ ਹਿੰਦੂ ਹਨ। ਉਨ•ਾਂ ਆਪਣੇ ਲੇਖਾਂ ਵਿਚ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਕਿ ਸਾਡਾ ਆਦਿ ਧਰਮ ਰਾਸ਼ਟਰ ਨਿਰਮਾਣ ਮੁੱਖੀ ਧਰਮ ਹੈ।
ਬਾਬੂ ਮੰਗੂ ਰਾਮ ਜਸਪਾਲ ਹੁਰਾਂ ਬਾਰੇ ਇਕ ਰਾਜ਼ ਖੋਲਣ ਦੀ ਖੁੱਲ• ਲੈ ਰਿਹਾਂ ਹਾਂ ਕਿ ਉਨ•ਾਂ ਕਾਵਿ ਸਿਰਜਣਾ ਵੀ ਕੀਤੀ ਹੈ। ਉਨ•ਾਂ ਆਪਣੇ ਫ਼ਰਜ਼ੀ ਨਾਂ ਸੰਤ ਭੜਾਂਬੜ ਦਾਸ ਹੇਠ ਕਵਿਤਾਵਾਂ ਆਪਣੀ ਪੱਤ੍ਰਕਾ ਵਿਚ ਛਾਪਦੇ ਰਹੇ।
ਦੂਰ ਦ੍ਰਿਸ਼ਟੀ ਤੇ ਭਵਿੱਖੀ ਯੋਜਨਾਵਾਂ
ਬਾਬੂ ਮੰਗੂ ਰਾਮ ਜਸਪਾਲ ਹੁਰਾਂ 16 ਅਪ੍ਰੈਲ 2010 ਨੂੰ ਇਕ ਮੁਲਾਕਾਤ ਵਿਚ ਆਦਿ ਧਰਮੀ ਸਮਾਜ ਪ੍ਰਤੀ ਚਿੰਤਾ ਤੇ ਚਿੰਤਨ ਦਾ ਪ੍ਰਗਟਾਵਾ ਕਰਦਿਆਂ ਉਜਲ ਭਵਿੱਖ ਬਾਰੇ ਨਿਮਨ ਲਿਖਿਤ ਨੁਕਤੇ ਵਿਚਾਰੇ:-
ਜ਼ਿਲ•ਾ ਪੱਧਰ ਉਤੇ ਤੇ ਫਿਰ ਤਹਿਸੀਲ ਪੱਧਰ ਉਤੇ ਆਦਿ ਧਰਮ ਦੇ ਦਫ਼ਤਰ ਖੋਲ•ਣੇ।
ਆਦਿ ਧਰਮ ਦੀਆਂ ਹਰ ਮਹੀਨੇ ਪਿੰਡ, ਬਲਾਕ ਤੇ ਜ਼ਿਲ•ਾ ਪੱਧਰ ਉਤੇ ਕਾਨਫਰੰਸਾਂ ਕਰਨੀਆਂ ਤੇ ਆਦਿ ਧਰਮ ਨੂੰ ਮੁੜ ਸਿਖਰਾਂ ਉਤੇ ਪਹੁੰਚਾਉਣਾ।
ਹਰ ਹਫ਼ਤੇ ਥਾਂ-ਥਾਂ ਮੀਟਿੰਗਾ ਕਰਨੀਆਂ, ਸੁਨੇਹੇ ਪਹੁੰਚਾਉਣੇ, ਇਸ਼ਤਿਹਾਰ ਵੰਡਣੇ ਤੇ ਮਿਲ ਕੇ ਦੱਸਣਾ ਆਦਿ ਧਰਮ ਇਥੋਂ ਦੇ ਬਾਸ਼ਿੰਦਿਆਂ ਦਾ ਮਾਨਵਵਾਦੀ ਧਰਮ ਹੈ। ਇਸ ਦੇ ਸਿਧਾਂਤਾਂ ਦਾ ਪ੍ਰਚਾਰ ਕਰਨਾ।
ਵੱਡਾ ਵਿੱਤੀ ਆਕਾਰ ਬਣਾਉਣਾ ਤਾਂ ਕਿ ਪ੍ਰਚਾਰ ਵਾਸਤੇ ਪੈਸੇ ਦੀ ਕਮੀ ਨਾ ਆਵੇ। ਛੋਟੇ-ਛੋਟੇ ਡਿਪਾਜ਼ਿਟਾਂ ਰਾਹੀਂ ਪੰਜ ਹਜ਼ਾਰ ਮੈਂਬਰ ਬਣਾ ਕੇ 10 ਕਰੋੜ ਰੁਪਏ ਜਮ•ਾਂ ਕਰਨੇ ਤੇ ਵਿਆਜ ਨਾਲ ਕੰਮ ਚਲਾਉਣਾ।
ਪੰਚਾਇਤੀ ਰਾਜ ਕਾਨੂੰਨ ਵਿਚ ਸੋਧ ਕਰਾਉਣੀ, ਜਿਵੇਂ ਕਿ ਸਿਟੀ ਸਟੇਟ ਹੁੰਦੇ ਹਨ। ਪਿੰਡ ਇਕ ਰਾਜ ਦਾ ਰੂਪ ਹੈ-ਪੰਚਾਇਤ ਦੇ ਹਲਕੇ ਵਿਚ ਕੀ-ਕੀ ਸੰਭਵ ਹੈ, ਪੰਚਾਇਤ ਰਾਹੀਂ ਲਾਗੂ ਕਰਾਉਣਾ। ਹੈਵਜ਼ ਤੇ ਹੈਵਜ਼ ਨੌਟ ਵਿਚਾਲੇ ਖੱਪਾ ਘੱਟ ਕਰਾਉਣ ਲਈ ਦੁਬਾਰਾ ਮੁਰੱਬੇਬੰਦੀ ਕਰਾਉਣ ਲਈ ਮੁਹਿੰਮ ਚਲਾਉਣੀ।
ਆਪਣੇ ਆਪ ਨੂੰ ਹਰ ਵਕਤ ਕੌਮ ਲਈ ਸਰਗਰਮ ਰੱਖਣਾ। ਕਰਨੀ ਤੇ ਕਥਨੀ ਨੂੰ ਇਕ ਰੱਖਣਾ। ਜ਼ਿੰਦਗੀ ਨੂੰ ਅਜਾਈਂ ਨਹੀਂ ਗੁਆਉਣਾ, ਇਹ ਹਰੇਕ ਆਦਿ ਧਰਮੀ ਦਾ ਫ਼ਰਜ਼ ਹੋਣਾ ਚਾਹੀਦਾ ਹੈ।
ਦਾਜ ਨਾ ਦੇਣਾ ਤੇ ਨਾ ਲੈਣਾ।
ਨਸ਼ਿਆਂ ਤੋਂ ਪ੍ਰਹੇਜ ਕਰਨਾ।
ਫਜ਼ੂਲ ਖਰਚੀ ਨਾ ਕਰਨਾ।
ਬੱਚਿਆਂ ਨੂੰ ਪੜ•ਾਉਣਾ ਤੇ ਕਾਬਲ ਬਣਾਉਣ ਲਈ ਲਗਾਤਾਰ ਯਤਨ ਕਰਨਾ।
ਉਪਰੋਕਤ ਵਾਂਗ ਉਨ•ਾਂ ਹੋਰ ਕਈ ਟੀਚੇ ਕੌਮ ਦੀ ਬਿਹਤਰੀ ਲਈ ਨਿਰਧਾਰਿਤ ਕੀਤੇ। ਸੰਖੇਪਤਾ ਨੂੰ ਧਿਆਨ ਵਿਚ ਰੱਖਦਿਆਂ ਕਿਹਾ ਜਾ ਸਕਦਾ ਹੈ ਕਿ ਬਾਬੂ ਮੰਗੂ ਰਾਮ ਜਸਪਾਲ ਦਾ ਆਦਿ ਧਰਮੀ ਸਮਾਜ ਨੇ ਅਜੇ ਮੁਲੰਕਣ ਕਰਨਾ ਹੈ। ਅਜਿਹੀ ਸਖਸ਼ੀਅਤ ਜਿਸ ਨੇ ਆਪਣੀ ਉਮਰ ਦੇ 41 ਸਾਲ ਕੌਮ ਦੇ ਲੇਖੇ ਨਿਰਸੁਆਰਥ ਭਾਵਨਾ ਨਾਲ ਲਾਏ। ਉਨ•ਾਂ ਇਕ ਸੰਸਥਾ ਤੋਂ ਵੱਧ ਕੇ ਗੁਰੂ ਰਵਿਦਾਸ ਦਰਸ਼ਨ, ਚਿੰਤਨ ਤੇ ਚੇਤਨਾ ਨੂੰ ਰਵਿਦਾਸ ਪੱਤ੍ਰਕਾ ਰਾਹੀਂ ਪ੍ਰਚਾਰਿਆ ਤੇ ਨਵੀਂ ਸੋਚ ਤੇ ਦ੍ਰਿਸ਼ਟੀ ਦਿੱਤੀ। ਲੋੜ ਹੈ ਉਨ•ਾਂ ਦੀ ਕ੍ਰਾਂਤੀਕਾਰੀ ਸੋਚ ਉਤੇ ਪਹਿਰਾ ਦੇਣ ਦੀ ਜਿਵੇਂ ਉਨ•ਾਂ ਖੁਦ ਬਾਬੂ ਮੰਗੂ ਰਾਮ ਮੁੱਗੋਵਾਲ ਅਤੇ ਆਦਿ ਧਰਮ ਦੀ ਵਿਚਾਰਧਾਰਾ ਨੂੰ ਦੇਸ਼-ਵਿਦੇਸ਼ ਵਿਚ ਪ੍ਰਚਾਰਿਆ ਤੇ ਪ੍ਰਸਾਰਿਆ ਸੀ। ਕੌਮ ਦੇ ਮਰਜੀਵੜਿਆਂ ਨੂੰ ਸਾਡੀ ਇਹੋ ਸਹੀ ਸ਼ਰਧਾਂਜਲੀ ਹੋਵੇਗੀ।
ਬਾਬੂ ਮੰਗੂ ਰਾਮ ਜਸਪਾਲ ਭਾਵੇਂ 16 ਫਰਵਰੀ 2011 ਨੂੰ ਸਰੀਰਕ ਤੌਰ ਤੇ ਸਾਡੇ ਕੋਲ ਨਹੀਂ ਰਹੇ ਪਰ ਉਨ•ਾਂ ਦੀ ਵਿਚਾਰਧਾਰਾ ਤੇ ਸਮਾਜਿਕ ਸਰੋਕਾਰ ਸਾਡੇ ਅੰਗ ਸੰਗ ਹਨ। ਉਨ•ਾਂ ਦੀ ਪ੍ਰੇਰਨਾ ਸਾਡੀ ਊਰਜਾ ਦਾ ਸਰੋਤ ਹੈ। ਕਾਫ਼ਲਾ ਮਜ਼ਬੂਤ ਹੋਵੇ ਤੇ ਅੱਗੇ ਵੱਧਦਾ ਰਹੇ-ਇਸੇ ਵਿਚ ਸਾਡੀਆਂ ਭਵਿੱਖ ਦੀਆਂ ਪੀੜ•ੀਆਂ ਦੀ ਬਿਹਤਰੀ ਤੇ ਤਰੱਕੀ ਹੈ। ਇਹ ਉਨ•ਾਂ ਦੀਆਂ ਸਮਾਜ ਲਈ ਸ਼ਹਿਰਕਤ ਸੋਚਾਂ ਸਨ।
ਈ-ਮੇਲ: bmadhopuri@yahoo.in
This novel’s stow, refined and esthetic language is an example that enables it to take a significant place in the Indian Dalit Literature. This text is a great achievement of the year-2020.
Changiya Rukh (Autobiography) by Balbir Madhopuri A powerful literary testimony to the angst, suffering and attempted rebellion of a dalit community in Punjab…
My Caste-My Shadow (selected poems) by Balbir Madhopuri The poet desires that his poetry should have a direction and provide meaningful guidance to the people and hopes to inspire others despite being ‘dark-skinned’ that has an explicit message for the society. And the English version by T.C. Ghai recreates the same intense emotions and delivers humanitarian message to awaken society towards stimulating Dalit consciousness.